Chandigarh Municipal Corporation: ਨਗਰ ਨਿਗਮ ਚੰਡੀਗੜ੍ਹ ਹਾਊਸ ਵਿੱਚ ਅੱਜ ਭਾਰੀ ਹੰਗਾਮਾ ਹੋਇਆ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ।
ਚੰਡੀਗੜ੍ਹ ਨਗਰ ਨਿਗਮ ਦੀ ਸਾਲ 2024 ਦੀ ਆਖਰੀ ਮੀਟਿੰਗ ਜਿਉਂ ਹੀ ਸ਼ੁਰੂ ਹੋਈ ਤਾਂ ਹੰਗਾਮਾ ਸ਼ੁਰੂ ਹੋ ਗਿਆ। ਇੱਕ ਵਾਰ ਫਿਰ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋਇਆ ਅਤੇ ਨੌਬਤ ਹੱਥੋਪਾਈ ਤੱਕ ਪੁਜ ਗਈ।
ਸਦਨ ਵਿੱਚ ਹੱਥੋਪਾਈ ਤੋਂ ਬਾਅਦ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹੱਥੋਪਾਈ ਉਤੇ ਉਤਰ ਆਈ ਹੈ। ਕਾਂਗਰਸੀ ਕੌਂਸਲਰ ਗੁਰਪ੍ਰੀਤ ਗੱਪੀ ਨਾਲ ਸਦਨ ਵਿੱਚ ਹੱਥੋਪਾਈ ਹੋਈ। ਸਦਨ ਵਿੱਚ ਹੰਗਾਮੇ ਤੋਂ ਬਾਅਦ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ ਅਤੇ ਕੌਂਸਲਰ ਕੰਵਰ ਰਾਣਾ ਨੇ ਕਿਹਾ ਕਿ ਨਗਰ ਨਿਗਮ ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਸਦਨ ਵਿੱਚ ਕੌਂਸਲਰਾਂ ਦੀ ਆਪਸ ਵਿੱਚ ਜੰਮ ਕੇ ਹੱਥੋਪਾਈ ਹੋ ਗਈ।
ਸੂਤਰਾਂ ਅਨੁਸਾਰ ਕੌਂਸਲਰ ਸਦਨ ਵਿੱਚ ਆਪਸ ਵਿੱਚ ਲੜਦੇ ਦੇਖੇ ਗਏ। ਸੱਤਾਧਾਰੀ ਪਾਰਟੀ ਦੇ ਕੌਂਸਲਰ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਵੋਟ ਚੋਰ ਕਹਿ ਰਹੇ ਸਨ। ਇਸ ‘ਤੇ ਮਾਮਲਾ ਗਰਮਾ ਗਿਆ ਅਤੇ ਹੱਥੋਪਾਈ ਵੀ ਦੇਖਣ ਨੂੰ ਮਿਲੀ। ਅਨਿਲ ਮਸੀਹ ਵੇਲ ਵਿੱਚ ਆ ਕੇ ਬੋਲੇ ਰਾਹੁਲ ਗਾਂਧੀ ਵੀ ਜ਼ਮਾਨਤ ‘ਤੇ ਹਨ। ਦੱਸਿਆ ਗਿਆ ਕਿ ਇਹ ਸਾਰਾ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ‘ਤੇ ਦਿੱਤੇ ਬਿਆਨ ਨਾਲ ਜੁੜਿਆ ਹੋਇਆ ਹੈ। ਸਦਨ ਵਿੱਚ ਅਮਿਤ ਸ਼ਾਹ ਖ਼ਿਲਾਫ਼ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੁਰਪ੍ਰੀਤ ਗੱਪੀ ਨੇ ਕਿਹਾ ਕਿ ਵਿਵਾਦ ਉਸ ਸਮੇਂ ਵੱਧ ਗਿਆ ਜਦੋਂ ਉਨ੍ਹਾਂ ਦੇ ਹੱਥੋਂ ਪੋਸਟਰ ਖਿੱਚੇ ਜਾ ਰਹੇ ਸਨ।
ਇਸ ‘ਤੇ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਨੇ ਵੀ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ। ਕਾਂਗਰਸੀ ਕੌਂਸਲਰ ਗੁਰਪ੍ਰੀਤ ਗੱਪੀ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਅਪਮਾਨ ਦਾ ਮੁੱਦਾ ਉਠਾਇਆ। ਜਿਸ ‘ਤੇ ਭਾਜਪਾ ਕੌਂਸਲਰ ਸਦਨ ਦੇ ਵੈਲ ਵਿੱਚ ਅੰਦਰ ਆ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਭਾਜਪਾ ਕੌਂਸਲਰਾਂ ਨੇ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਤੁਹਾਡੀ ਬੇਇੱਜ਼ਤੀ ਕੀਤੀ ਹੈ। ਇਸ ‘ਤੇ ਕੰਮ ਸ਼ੁਰੂ ਹੁੰਦੇ ਹੀ ਸਦਨ ‘ਚ ਹੰਗਾਮਾ ਹੋ ਗਿਆ। ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਨੇ ਸਦਨ ਵਿੱਚ ਬਿਜਲੀ ਦੇ ਨਿੱਜੀਕਰਨ ’ਤੇ ਸਵਾਲ ਉਠਾਏ।
ਸਦਨ ਵਿੱਚ ਭਾਜਪਾ ਦੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਦੇ ਪੋਸਟਰ ਦਿਖਾਏ ਗਏ। ਅਨਿਲ ਮਸੀਹ ਨੇ ਦੱਸਿਆ ਕਿ ਮੈਂ ਮਾਨਸਿਕ ਤੌਰ ‘ਤੇ ਬਿਮਾਰ ਹਾਂ, ਮੇਰਾ ਪੀ.ਜੀ.ਆਈ. ਤੋਂ ਇਲਾਜ ਚੱਲ ਰਿਹਾ ਹੈ। ਮੇਰਾ ਕੇਸ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ, ਇਸ ਲਈ ਉਹ ਸਦਨ ਵਿੱਚ ਇਹ ਨਹੀਂ ਕਹਿ ਸਕਦੇ। ਇਸ ਸਾਲ ਜਨਵਰੀ ਵਿੱਚ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਉਸ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਰਹੇ ਅਨਿਲ ਮਸੀਹ ‘ਤੇ 8 ਬੈਲਟ ਪੇਪਰਾਂ ਨਾਲ ਛੇੜਛਾੜ ਕਰਨ ਅਤੇ ਵੋਟਾਂ ਨੂੰ ਅਯੋਗ ਕਰਾਰ ਦੇਣ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਨਤੀਜਾ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਫਿਰ ‘ਆਪ’ ਦੇ ਕੁਲਦੀਪ ਕੁਮਾਰ ਨੂੰ ਜੇਤੂ ਐਲਾਨਿਆ ਗਿਆ।
