ਫਿਲੌਰ: ਥਾਣਾ ਫਿਲੌਰ ਦੇ ਅਧੀਨ ਪੈਂਦੇ ਗੰਨਾ ਪਿੰਡ ਵਿੱਚ 20 ਸਾਲ ਬਾਅਦ ਪੁਲਿਸ ਵੱਲੋਂ ਮੁੜ ਚੌਂਕੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਇਲਾਕਾ ਨਿਵਾਸੀਆਂ ਦੀ ਮੰਗ ’ਤੇ ਲਿਆ ਗਿਆ ਹੈ। ਪਿੰਡ ਵਿੱਚ ਅੱਜ ਤੋਂ 20 ਸਾਲ ਪਹਿਲਾਂ ਪੁਲਿਸ ਚੌਂਕੀ ਚੁੱਕ ਦਿੱਤੀ ਗਈ ਸੀ,ਕਿਉਂਕਿ ਪਿੰਡ ਵਾਸੀਆਂ ਨੇ ਨਸ਼ੇ ਨੂੰ ਬੰਦ ਕਰਨ ਲਈ ਪੁਲਿਸ ਅਧਿਕਾਰੀਆਂ ਮੂਹਰੇ ਸੋਹੰ ਚੁੱਕੀ ਸੀ ।ਹੁਣ, 20 ਸਾਲ ਬਾਅਦ, ਪਿੰਡ ਵਿੱਚ ਮੁੜ ਨਸ਼ਾ ਵਿਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧ ਵਿੱਚ ਪਿੰਡ ਦੇ ਨਿਵਾਸੀਆਂ ਨੇ ਐਸਐਸਪੀ ਜਲੰਧਰ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਮੰਗ ਕੀਤੀ ਕਿ ਪਿੰਡ ਵਿੱਚ ਪੁਲਿਸ ਚੌਂਕੀ ਬਣਾ ਕੇ ਕਿਸੇ ਸਖਤ ਅਤੇ ਇਮਾਨਦਾਰ ਪੁਲਿਸ ਅਧਿਕਾਰੀ ਨੂੰ ਇਸ ਦੀ ਕਮਾਂਡ ਸੌਂਪੀ ਜਾਵੇ।
ਇਲਾਕਾ ਨਿਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ੀ ਐਸਐਸ ਬੱਲ ਡੀਐਸਪੀ ਅਤੇ ਥਾਣਾ ਫਿਲੌਰ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੂੰ ਪਿੰਡ ਵਿੱਚ ਮੁੜ ਪੁਲਿਸ ਚੌਂਕੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੌਂਕੀ ਦਾ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਬੋਰਡ ਵਗੈਰਾ ਲਗਾਏ ਜਾ ਰਹੇ ਹਨ।ਇਸ ਚੌਂਕੀ ਦਾ ਉਦਘਾਟਨ ਕੁਝ ਦਿਨਾਂ ਵਿੱਚ ਐਸਐਸਪੀ ਜਲੰਧਰ ਦਿਹਾਤੀ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ। ਇਸ ਸਬੰਧ ਵਿੱਚ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਅਤੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ।
