ਲੁਧਿਆਣਾ- ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਕੈਲਾਸ਼ ਨਗਰ ਰੋਡ ‘ਤੇ ਬੀਤੀ ਰਾਤ ਸੜਕ ਕਿਨਾਰੇ ਸ਼ਰਾਬ ਪੀ ਰਹੇ ਨੌਜਵਾਨਾਂ ਵੱਲੋਂ ਸਬਜ਼ੀ ਵੇਚਣ ਵਾਲੇ ਪਰਿਵਾਰ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਪਰਿਵਾਰ ਦੇ ਦਲੀਪ ਕੁਮਾਰ ਵਰਮਾ ਅਤੇ ਉਸ ਦੇ ਭਰਾ ਸਚਿਨ ਕੁਮਾਰ ਵਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਹੋਇਆ ਸੀ ਅਤੇ ਇਸ ਦੌਰਾਨ ਘਰ ਦੇ ਬਾਹਰ ਕੁਝ ਲੋਕ ਸ਼ਰਾਬ ਪੀ ਰਹੇ ਸਨ, ਜਦੋਂ ਉਨ੍ਹਾਂ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਵੀ ਕੀਤੀ।
ਜਦੋਂ ਦਲੀਪ ਕੁਮਾਰ ਦੇ ਪਰਿਵਾਰ ਦੇ ਮੈਂਬਰ ਉਥੇ ਪੁੱਜੇ ਤਾਂ ਉਕਤ ਨੌਜਵਾਨਾਂ ਨੇ ਆਪਣੇ 20/25 ਹੋਰ ਸਾਥੀਆਂ ਨੂੰ ਮੌਕੇ ‘ਤੇ ਬੁਲਾ ਲਿਆ ਅਤੇ ਸਾਰੇ ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਕਤ ਹਮਲਾਵਰਾਂ ਨੇ ਉਨ੍ਹਾਂ ‘ਤੇ ਘਰ ‘ਚ ਖੜ੍ਹਾ ਈ-ਰਿਕਸ਼ਾ, ਛੋਟਾ ਟੈਂਪੂ, ਮੋਟਰਸਾਈਕਲ ਅਤੇ ਐਕਟਿਵਾ ਨੂੰ ਵੀ ਤੋੜ ਦਿੱਤਾ।
ਇਸ ਤੋਂ ਬਾਅਦ ਦਲੀਪ ਕੁਮਾਰ ਅਤੇ ਸਚਿਨ ਕੁਮਾਰ ਨੇ ਇਸ ਬਾਰੇ ਥਾਣਾ ਜੋਧੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਜਦੋਂ ਮਾਮਲੇ ਸਬੰਧੀ ਥਾਣਾ ਮੁਖੀ ਇੰਸ, ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਕੋਲ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ।ਫਿਲਹਾਲ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ, ਇਸ ਤੋਂ ਬਾਅਦ ਪੁਲਸ ਉਕਤ ਮੁਲਜ਼ਮਾਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ।
