ਫ਼ਿਰੋਜ਼ਪੁਰ, 5 ਦਸੰਬਰ(ਦੀਪਕ ਵੈਦ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਖਜ਼ਾਨਚੀ ਰਣਜੀਤ ਸਿੰਘ ਖੱਚਰਵਾਲਾ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵੀ ਹਾਜ਼ਰ ਹੋਏ। ਮੀਟਿੰਗ ’ਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਚੱਲ ਰਹੇ ਕਿਸਾਨੀ ਮੰਗਾਂ ਅੰਦੋਲਨ ਤੇ 6 ਦਸੰਬਰ ਨੂੰ ਸ਼ੰਬੂ ਮੋਰਚੇ ਵਿੱਚੋਂ ਸੂਬਾ ਆਗੂਆਂ ਦੀ ਅਗਵਾਈ ਹੇਠ ਜਥਾ ਦਿੱਲੀ ਵੱਲ ਪੈਦਲ ਮਾਰਚ ਕਰੇਗਾ ਤੇ ਜੇਕਰ ਸਰਕਾਰ ਵੱਲੋਂ ਕੋਈ ਵੀ ਜਬਰ ਕੀਤਾ ਗਿਆ ਤਾਂ ਫਿਰੋਜ਼ਪੁਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮੋਰਚੇ ਵਿੱਚ ਪਹੁੰਚਣਗੇ ਤੇ ਸਰਕਾਰ ਦੇ ਜਬਰਾਂ ਦਾ ਸਬਰ ਵਿੱਚ ਰਹਿ ਕੇ ਜਵਾਬ ਦੇਣਗੇ, ਕਿਉਂਕਿ ਚੱਲ ਰਹੇ ਕਿਸਾਨੀ ਸਬੰਧਾਂ ਮੰਗਾਂ ਸਬੰਧੀ ਮੋਰਚੇ ਜੋ ਕਿ ਬਿਲਕੁਲ ਜਾਇਜ਼ ਹਨ ਤੇ ਮੋਦੀ ਸਰਕਾਰ ਸੱਤਾ ਦੇ ਵਿੱਚ ਬੈਠ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੋਲਿਆਂ ਕਰਕੇ ਦੇਸ਼ ਵਿੱਚ ਕਾਰਪੋਰੇਟ ਘਰਾਣਿਆ ਦਾ ਰਾਜ ਕਾਇਮ ਕਰਨ ਕਰਨਾ ਚਾਹੁੰਦੀ ਹੈ ਤੇ ਦੇਸ਼ ਤੇ ਦੇਸ਼ਵਾਸੀਆਂ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣਾ ਚਾਹੁੰਦੀ ਹੈ, ਜਿਸ ਨੂੰ ਦੇਸ਼ ਦੇ ਕਿਸਾਨ ਮਜ਼ਦੂਰ ਕਦੇ ਵੀ ਸਫਲ ਨਹੀਂ ਹੋਣਗੇ ਦੇਣਗੇ ਤੇ ਚੱਲ ਰਹੇ ਮੋਰਚੇ ਜਿੱਤਣ ਤੱਕ ਨਿਰੰਤਰ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਆੜਤੀਆਂ ਨੂੰ ਕੱਟ ਲਾ ਕੇ ਝੋਨਾ ਸ਼ੈਲਰਾ ਵਿੱਚ ਲਗਾਇਆ ਜਾ ਰਿਹਾ ਹੈ ਤੇ ਉਸੇ ਤਰ੍ਹਾਂ ਹੀ ਆੜਤੀਆਂ ਵਲੋਂ ਕਿਸਾਨਾਂ ਨੂੰ ਝੋਨੇ ਦਾ ਕੱਟ ਜਾਂ ਪੈਸਿਆਂ ਦੀ ਕਟੌਤੀ ਕਰਕੇ ਕੱਟ ਲਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਜ਼ਬਰੀ ਯੂਰੀਆ ਖਾਦ ਨਾਲ਼ ਬੇਲੋੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਖ਼ਿਲਾਫ਼ ਕੋਈ ਵੀ ਐਕਸ਼ਨ ਕੀਤਾ ਜਾਂਦਾ ਹੈ ਤਾਂ ਉਸ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਉਸ ਅਦਾਰੇ ਦਾ ਮਾਲਕ ਜਵਾਬਦੇਹ ਹੋਵੇਗਾ। ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਸੁਰਜੀਤ ਸਿੰਘ ਫੌਜੀ, ਹਰਫੂਲ ਸਿੰਘ ਦੂਲੇਵਾਲਾ ਆਦਿ ਆਗੂ ਹਾਜ਼ਰ ਸਨ।
