ਪਾਤੜਾਂ/ਪਟਿਆਲਾ, 28 ਜਨਵਰੀ : Fact Recorder
-ਚਾਈਨਾ ਡੋਰ ਵੇਚਣ ਤੇ ਭੰਡਾਰਨ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਰਵਾਈ : ਅਸ਼ੋਕ ਕੁਮਾਰ
ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਅੱਜ ਪਾਤੜਾਂ ਸ਼ਹਿਰ ਵਿੱਚ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਪੁਲੀਸ ਅਤੇ ਨਗਰ ਕੌਂਸਲ ਪਾਤੜਾਂ ਦੀ ਟੀਮ ਨੂੰ ਨਾਲ ਲੈ ਕੇ ਐਸ.ਡੀ.ਐਮ. ਪਾਤੜਾਂ ਨੇ ਸ਼ਹਿਰ ਦੀਆਂ ਪੰਜ ਦੁਕਾਨਾਂ ਦੀ ਚੈਕਿੰਗ ਕਰਕੇ ਚਾਈਨਾ ਡੋਰ ਦੀ ਜਾਂਚ ਕੀਤੀ, ਪਰ ਕਿਸੇ ਵੀ ਦੁਕਾਨ ‘ਤੇ ਚਾਈਨਾ ਡੋਰ ਨਹੀਂ ਮਿਲੀ।
ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਚਾਈਨਾ ਡੋਰ ਵੇਚਣ ਤੇ ਭੰਡਾਰਨ ’ਤੇ ਰੋਕ ਸਬੰਧੀ ਜਾਰੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਕਈ ਅਣ ਸੁਖਾਵੀਂਆਂ ਦੁਰਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਗਲੇ ਵਿੱਚ ਡੋਰ ਫਸਣ ਕਾਰਨ ਜਾਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਸੈਂਕੜਿਆਂ ਪਸ਼ੂ-ਪੱਛੀ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ।
ਐਸ.ਡੀ.ਐਮ. ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਲਈ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨ ਤੋਂ ਚਾਈਨਾ ਡੋਰ ਵੇਚਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਟੀ ਪੁਲੀਸ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਵੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਨਾ ਵੇਚਣ ਅਤੇ ਪੁਲਿਸ ਵਿਭਾਗ ਵੱਲੋਂ ਸ਼ਹਿਰ ਵਿੱਚ ਨਿਰੰਤਰ ਚੈਕਿੰਗ ਕੀਤੀ ਜਾਵੇਗੀ।
