January 24, 2025: Fact Recorder
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਫੋਰਸ ਸਦਕਾ ਕੁਝ ਮਹੀਨਿਆਂ ਵਿਚ ਹੀ 1000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।
ਇਸ ਤੋਂ ਇਲਾਵਾ ਇਹ ਫੋਰਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ 60 ਲੱਖ ਤੋਂ ਵੱਧ ਦਾ ਕੈਸ਼ ਉਨ੍ਹਾਂ ਦੇ ਘਰਾਂ ਵਿਚ ਪਹੁੰਚਾ ਚੁੱਕੀ ਹੈ। ਪੰਜਾਬ ‘ਚ ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਦੇ ਨਾਲ-ਨਾਲ 5000 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਸ ਫੋਰਸ ਦੀ ਵਰਦੀ ਆਮ ਪੁਲਿਸ ਤੋਂ ਵੱਖਰੀ ਹੈ।
ਇਸ ਤੋਂ ਇਲਾਵਾ 5500 ਕਿਲੋਮੀਟਰ ਤੋਂ ਵੱਧ ਕੌਮੀ ਸ਼ਾਹਮਾਰਗਾਂ, ਰਾਜ ਸ਼ਾਹਮਾਰਗਾਂ ਅਤੇ ਮੁੱਖ ਜ਼ਿਲ੍ਹਾ ਮਾਰਗਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਵਾਹਨ ਸੜਕੀ ਉਲੰਘਣਾਵਾਂ ਨੂੰ ਰੋਕਣ ਲਈ 150 ਦੇ ਕਰੀਬ ਅਤਿ-ਆਧੁਨਿਕ ਵਾਹਨ ਤਾਇਨਾਤ ਕੀਤੇ ਗਏ ਹਨ।
ਇਸ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ
ਪੰਜਾਬ ਸਰਕਾਰ ਦਾ ਯਤਨ ਹੈ ਕਿ ਸੜਕ ਹਾਦਸਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇ। ਇਸ ਨਾਲ ਜਿੱਥੇ ਹਰ ਰੋਜ਼ ਕਈ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਹਨ, ਉਥੇ ਹੀ ਸੂਬੇ ਨੂੰ ਸਾਲਾਨਾ ਹੋਣ ਵਾਲੇ 18,000 ਕਰੋੜ ਰੁਪਏ ਦੇ ਆਰਥਿਕ ਨੁਕਸਾਨ ਤੋਂ ਵੀ ਨਿਜ਼ਾਤ ਮਿਲੇਗੀ।
ਸਾਲ 2004 ਦੀ ਮਰਦਮਸ਼ੁਮਾਰੀ ਦੇ ਆਧਾਰ ‘ਤੇ ਪੰਜਾਬ ‘ਚ ਟ੍ਰੈਫਿਕ ਪੁਲਿਸ ਦੀ ਗਿਣਤੀ ਸਿਰਫ 2048 ਹੀ ਰਹੀ, ਜਿਸ ਨੂੰ ਮੌਜੂਦਾ ਸਰਕਾਰ ਨਵੀਆਂ ਭਰਤੀਆਂ ਰਾਹੀਂ ਵਧਾ ਰਹੀ ਹੈ। ਫੋਰਸ ਦੀ ਤਾਇਨਾਤੀ ਤੋਂ ਬਾਅਦ ਪੰਜਾਬ ਦੇ ਪੇਂਡੂ ਖੇਤਰਾਂ ਵਿਚੋਂ ਲੰਘਣ ਵਾਲੇ ਹਾਈਵੇਅ ਉੱਤੇ ਹੋਣ ਵਾਲੇ 59 ਫੀਸਦੀ ਅਤੇ ਸ਼ਹਿਰੀ ਖੇਤਰਾਂ ‘ਚ ਹੋਣ ਵਾਲੇ 4 ਫੀਸਦੀ ਸੜਕ ਹਾਦਸਿਆਂ ਨੂੰ ਰੋਕਿਆ ਸਕਿਆ ਹੈ।