ਫ਼ਤਹਿਗੜ੍ਹ ਸਾਹਿਬ, 13 ਜਨਵਰੀ: Fact Recorder
ਜ਼ਿਲ੍ਹੇ ਦੇ ਦਿਵਿਆਂਗਜ਼ਨਾਂ ਦੇ ਯੂ.ਡੀ.ਆਈ.ਡੀ. ਕਾਰਡ/ਮੈਨੁਅਲ ਢੰਗ ਨਾਲ ਬਣੇ ਅੰਗਹੀਣਤਾ ਸਰਟੀਫਿਕੇਟ ਵਿੱਚ ਸੋਧ ਕਰਨ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਦਿਵਿਆਂਗ ਵਿਅਕਤੀ ਮੈਨੁਅਲ ਢੰਗ ਨਾਲ ਅੰਗਹੀਣਤਾ ਸਰਟੀਫਿਕੇਟ ਜਾਂ ਯੂ.ਡੀ.ਆਈ.ਡੀ. ਕਾਰਡਾਂ ਵਿੱਚ ਸੋਧ ਕਰਵਾਉਣਾ ਚਾਹੁੰਦੇ ਹਨ ਉਹ 30 ਜਨਵਰੀ ਤੱਕ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਕੇ ਆਪਣੇ ਯੂ.ਡੀ.ਆਈ.ਡੀ. ਕਾਰਡ ਵਿੱਚ ਦਰੁਸਤੀ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿਵਿਆਂਗਜ਼ਨਾਂ ਦੀ ਬਿਹਤਰ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ।
ਡਾ: ਸੋਨਾ ਥਿੰਦ ਨੇ ਦੱਸਿਆ ਕਿ ਜਿਹੜੇ ਦਿਵਿਆਂਗਜ਼ਨਾਂ ਦੀ 50 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਦਿਵਿਆਂਗਤਾ ਹੋਣ ਦੇ ਬਾਵਜੂਦ ਯੂ.ਡੀ.ਆਈ.ਡੀ. ਕਾਰਡ ਵਿੱਚ ਘੱਟ ਅੰਗਹੀਣਤਾ ਦਰਸਾਈ ਗਈ ਹੈ ਅਤੇ ਉਨ੍ਹਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ, ਉਹ ਦਿਵਿਆਂਗਜ਼ਨ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਸਿਵਲ ਹਸਪਤਾਲ ਦੀ ਨਵੀਂ ਬਣੀ ਇਮਾਰਤ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਦਿਵਿਆਂਗਜ਼ਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਯੂ.ਡੀ.ਆਈ.ਡੀ. ਕਾਰਡ ਜਾਂ ਮੈਨੁਅਲ ਤੌਰ ਤੇ ਬਣੇ ਦਿਵਿਆਂਗਤਾ ਸਰਟੀਫਿਕੇਟ ਵਿੱਚ ਸੋਧ ਕਰਵਾਉਣ ਲਈ ਤੈਅ ਦਿਨਾਂ ਨੂੰ ਆਪਣੇ ਯੂ.ਡੀ.ਆਈ.ਡੀ. ਕਾਰਡ/ਸਰਟੀਫਿਕੇਟ, ਆਧਾਰ ਕਾਰਡ ਆਦਿ ਦਸਤਾਵੇਜ ਨਾਲ ਲੈ ਕੇ ਸਿਵਲ ਹਸਪਤਾਲ ਵਿਖੇ ਪਹੁੰਚਣ ਤਾਂ ਜੋ ਭਵਿੱਖ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਇਨ੍ਹਾਂ ਕੈਂਪਾਂ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫ਼ਤਹਿਗੜ੍ਹ ਸਾਹਿਬ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
