ਬਰਨਾਲਾ, 4 ਜਨਵਰੀ: Fact Recorder
ਪਹਿਲਾਂ ਲੱਗੇ ਅਸੈਸਮੈਂਟ ਕੈਂਪ ਵਾਲੀ ਰਸੀਦ ਅਤੇ ਆਧਾਰ ਕਾਰਡ ਸਮੇਤ ਕੈਂਪਾਂ ਵਿੱਚ ਪੁੱਜਣ ਦਿਵਿਆਂਗ ਵਿਅਕਤੀ
ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ/ ਬਨਾਉਟੀ ਅੰਗ ਵੰਡਣ ਲਈ ਪੰਜਾਬ ਸਰਕਾਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਕੈਂਪ 8, 9, 10 ਜਨਵਰੀ ਨੂੰ ਲਾਏ ਜਾ ਰਹੇ ਹਨ।
ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ – ਨਿਰਦੇਸ਼ਾਂ ਤਹਿਤ ਅਲਿਮਕੋ ਦੇ ਸਹਿਯੋਗ ਨਾਲ ਪਹਿਲਾਂ 4 ਤੋਂ 6 ਦਸੰਬਰ ਨੂੰ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਬਲਾਕ ਪੱਧਰ ‘ਤੇ ਲਾਏ ਗਏ ਸਨ ਅਤੇ ਹੁਣ ਬਲਾਕ ਪੱਧਰ ‘ਤੇ ਸਹਾਇਕ ਉਪਕਰਨ/ ਬਨਾਉਟੀ ਅੰਗ ਵੰਡਣ ਲਈ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ 8 ਜਨਵਰੀ ਨੂੰ ਸ਼ਹਿਣਾ ਬਲਾਕ ਦਾ ਕੈਂਪ ਐੱਸ ਡੀ ਐਮ ਦਫਤਰ ਤਪਾ, 9 ਜਨਵਰੀ ਨੂੰ ਬਲਾਕ ਬਰਨਾਲਾ ਦਾ ਕੈਂਪ ਕਪਿਲ ਪੈਲੇਸ ਬਰਨਾਲਾ, 10 ਜਨਵਰੀ ਨੂੰ ਮਹਿਲ ਕਲਾਂ ਬਲਾਕ ਦਾ ਕੈਂਪ ਕਮਿਊਨਿਟੀ ਸੈਂਟਰ ਚੰਨਣਵਾਲ ਵਿਖੇ ਲਾਇਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤਕ ਰਹੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਉਨ੍ਹਾਂ ਦਿਵਿਆਂਗ ਵਿਅਕਤੀਆਂ ਨੂੰ ਹੀ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ ਜਿਨ੍ਹਾਂ ਦੀ 4 ਤੋਂ 6 ਦਸੰਬਰ ਨੂੰ ਲੱਗੇ ਕੈਂਪਾਂ ਵਿੱਚ ਅਸੈਸਮੈਂਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਅਸੈਸਮੈਂਟ ਕੈਂਪ ਵਾਲੀ ਰਸੀਦ ਅਤੇ ਆਧਾਰ ਕਾਰਡ ਆਪਣੇ ਨਾਲ ਕੈਂਪ ਵਿੱਚ ਜ਼ਰੂਰ ਲਿਆਉਣ।