ਦੇਹਲਾਂ ਵਿਖੇ ਸਾਂਝਾ ਜ਼ਮੀਨਦੋਜ ਪਾਈਪਲਾਈਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਮਹਾਂ ਸਿੰਘ ਵਾਲਾ ਵਿਖੇ ਛੱਪੜ ਦੇ ਪਾਣੀ ਨੂੰ ਸੋਲਰ ਮੋਟਰ ਰਾਹੀਂ ਲਿਫਟ ਕਰਕੇ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ
ਮੂਨਕ, 2 ਜਨਵਰੀ –Fact Recorder
ਪੰਜਾਬ ਦੇ ਭੂਮੀ ਅਤੇ ਜਲ ਸੰਭਾਲ, ਜਲ ਸਰੋਤ ਅਤੇ ਖਣਨ ਤੇ ਭੂ ਵਿਗਿਆਨ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਨਹਿਰੀ ਪਾਣੀ ਦੇ ਨਾਲ ਨਾਲ ਸੋਧੇ ਹੋਏ ਪਾਣੀ ਨੂੰ ਵੱਧ ਤੋਂ ਵੱਧ ਵਰਤਿਆ ਜਾਵੇ ਤਾਂ ਕਿ ਸਾਂਝੇ ਹੰਭਲਿਆਂ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਸ੍ਰੀ ਗੋਇਲ, ਅੱਜ ਪਿੰਡ ਦੇਹਲਾ ਸੀਹਾਂ ਅਤੇ ਮਹਾਂ ਸਿੰਘ ਵਾਲਾ ਵਿਖੇ ਦੋ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਖੇਤਾਂ ਦੀ ਸਿੰਚਾਈ ਅਤੇ ਫਸਲਾਂ ਦੀ ਭਰਪੂਰ ਪੈਦਾਵਾਰ ਲਈ ਨਹਿਰੀ ਅਤੇ ਸੋਧਿਆ ਹੋਇਆ ਪਾਣੀ ਬਹੁਤ ਲਾਹੇਵੰਦ ਹੈ।
ਸ਼੍ਰੀ ਬਰਿੰਦਰ ਗੋਇਲ ਨੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਲਈ ਪਿੰਡ ਦੇਹਲਾਂ ਵਿਖੇ ਸਾਂਝਾ ਜ਼ਮੀਨਦੋਜ ਪਾਈਪਲਾਈਨ ਦੇ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਉਹਨਾਂ ਕਿਹਾ ਕਿ ਨਹਿਰੀ ਮੋਘੇ ਦੀ ਉਸਾਰੀ ਉੱਤੇ ਲਗਭਗ 21.78 ਲੱਖ ਰੁਪਏ ਦੀ ਲਾਗਤ ਆਵੇਗੀ ਜਿਸ ਵਿੱਚੋਂ 19.60 ਲੱਖ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 67.6 ਹੈਕਟੇਅਰ ਰਕਬਾ ਖੇਤੀ ਦੀ ਸਿੰਚਾਈ ਅਧੀਨ ਕਵਰ ਕੀਤਾ ਜਾਵੇਗਾ।
ਇਸ ਉਪਰੰਤ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਨੇ ਪਿੰਡ ਮਹਾ ਸਿੰਘ ਵਾਲਾ ਵਿਖੇ ਛੱਪੜ ਦੇ ਪਾਣੀ ਨੂੰ ਸੋਲਰ ਮੋਟਰ ਰਾਹੀਂ ਲਿਫਟ ਕਰਕੇ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਲੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਉਹਨਾਂ ਕਿਹਾ ਕਿ 16.43 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੀ 100 ਫੀਸਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਅਤੇ ਇਸ ਅਧੀਨ 8.95 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ ਜਿਸ ਨਾਲ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਫੀਸਦੀ ਤੱਕ ਬੱਚਤ ਹੋਵੇਗੀ।
ਇਹਨਾਂ ਸਮਾਗਮਾਂ ਦੌਰਾਨ ਮੁੱਖ ਭੂਮੀ ਪਾਲ ਮਹਿੰਦਰ ਸਿੰਘ ਸੈਣੀ, ਮੰਡਲ ਭੂਮੀ ਰੱਖਿਆ ਅਫ਼ਸਰ ਗੁਰਬਿੰਦਰ ਸਿੰਘ ਢਿੱਲੋਂ, ਸ੍ਰੀ ਗੋਇਲ ਦੇ ਪੀ.ਏ ਰਾਕੇਸ਼ ਗੁਪਤਾ ਸਮੇਤ ਹੋਰ ਅਧਿਕਾਰੀ ਅਤੇ ਵੱਖ ਵੱਖ ਪਿੰਡਾਂ ਦੇ ਵਸਨੀਕ ਹਾਜ਼ਰ ਸਨ।
