ਬਰਨਾਲਾ, 14 ਜਨਵਰੀ
ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਅਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭਿੱਖੀ – ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਨੌਜਵਾਨਾਂ ਵਾਸਤੇ ਏ.ਆਰ.ਓ (ਫੌਜ ਭਰਤੀ ਦਫ਼ਤਰ) ਪਟਿਆਲਾ ਦੀ ਆ ਰਹੀ ਫੌਜ ਦੀ ਅਗਨੀਵੀਰ ਭਰਤੀ ਰੈਲੀ ਲਈ ਮੁਫ਼ਤ ਪੂਰਵ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਭਰਤੀ ਲਈ ਜਲਦ ਹੀ ਆਨਲਾਈਨ ਬੇਨਤੀ ਪੱਤਰ ਭਰਿਆ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਖਲਾਈ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਆਰਮੀ ਅਗਨੀਵੀਰ ਭਰਤੀ ਦੇ ਆਨਲਾਈਨ ਲਿਖਤੀ ਪੇਪਰ ਦੇ ਪਹਿਲੇ ਬੈਚ ਦੀ ਤਿਆਰੀ ਸੀ-ਪਾਈਟ ਕੈਂਪ ਬੜੋਵਾਲ ਮਾਨਸਾ ਵਿਖੇ 16 ਜਨਵਰੀ 2025 ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਜ਼ਿਲ੍ਹਿਆਂ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਮਿਤੀ 15, ਜਨਵਰੀ 2025 ਤੋਂ ਕਿਸੇ ਵੀ ਦਿਨ ਸਵੇਰੇ 9 ਵਜੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ ਵਿਖੇ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਅਤੇ ਰੈਜੀਡੈਂਸ ਸਰਟੀਫਿਕੇਟ ਦੀ ਫੋਟੋ ਕਾਪੀ, 2 ਤਾਜਾ ਪਾਸਪੋਰਟ ਸਾਈਜ਼ ਫੋਟੋ ਸਮੇਤ ਨਿੱਜੀ ਤੌਰ ‘ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ|
ਸਿਖਲਾਈ ਦੌਰਾਨ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ । ਵਧੇਰੇ ਜਾਣਕਾਰੀ ਲਈ 98148-50214, 90563-35220 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
