Hindi English Punjabi

ਪੰਜਾਬ ‘ਚ Bullet Train Project ਬਾਰੇ ਵੱਡੀ ਅਪਡੇਟ, ਇਨ੍ਹਾਂ ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਲਈ ਪ੍ਰਕ੍ਰਿਆ ਸ਼ੁਰੂ

33

Delhi to Amritsar Bullet Train Project: ਜਲਦ ਹੀ ਬੁਲੇਟ ਟਰੇਨ ਦਿੱਲੀ-ਅੰਮ੍ਰਿਤਸਰ ਰੂਟ ਉਤੇ ਦੌੜੇਗੀ। ਪੰਜਾਬ ਵਿੱਚ ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਬੁਲੇਟ ਟਰੇਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ‘ਚ ਪੂਰਾ ਹੋਵੇਗਾ। ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ ‘ਤੇ ਰੁਕੇਗੀ। ਇਸ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜਾਣਕਾਰੀ ਮੁਤਾਬਕ ਟਰੇਨ ‘ਚ 750 ਯਾਤਰੀ ਸਫਰ ਕਰ ਸਕਣਗੇ।

ਇਸ ਬੁਲੇਟ ਟਰੇਨ ਪ੍ਰਾਜੈਕਟ ਲਈ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਪੈਂਦੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸ ਵਿੱਚ ਦਿੱਲੀ ਦੇ 22 ਪਿੰਡ, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ। ਦਿੱਲੀ ਅਤੇ ਅੰਮ੍ਰਿਤਸਰ ਦਰਮਿਆਨ ਇਸ ਹਾਈ ਸਪੀਡ ਰੇਲਗੱਡੀ ਦੀ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਨੂੰ ਇਸ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੀਂ ਰੇਲਵੇ ਲਾਈਨ ਹੇਠ ਆਉਣ ਵਾਲੇ ਪਿੰਡਾਂ ਦੇ ਕਿਸਾਨਾਂ ਨਾਲ IIMR ਏਜੰਸੀ ਦੀ ਤਰਫੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਿਸਾਨਾਂ ਨੂੰ ਜ਼ਮੀਨ ਲਈ ਹਰੇਕ ਪਿੰਡ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਰਕਮ ਦਿੱਤੀ ਜਾਵੇਗੀ।

ਸੂਤਰਾਂ ਅਨੁਸਾਰ ਇਹ ਰੇਲਵੇ ਲਾਈਨ ਮੁਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਸਬ ਡਿਵੀਜ਼ਨ ਦੇ 24 ਪਿੰਡਾਂ ਵਿਚੋਂ ਲੰਘੇਗੀ। ਮੁਹਾਲੀ ਤਹਿਸੀਲ ਦੇ ਨੌਂ ਪਿੰਡਾਂ ਬਾਕਰਪੁਰ, ਰੁੜਕਾ, ਕੰਬਾਲਾ, ਚਿੱਲਾ, ਰਾਏਪੁਰ ਖੁਰਦ, ਦੁਰਾਲੀ, ਸਨੇਟਾ, ਰਾਏਪੁਰ ਕਲਾਂ, ਸ਼ਾਮਪੁਰ ਦੀ ਜ਼ਮੀਨ ਇਸ ਪ੍ਰੋਜੈਕਟ ਅਧੀਨ ਗ੍ਰਹਿਣ ਕੀਤੀ ਜਾਵੇਗੀ।

ਇਸ ਤਹਿਤ ਖਰੜ ਤਹਿਸੀਲ ਦੇ ਛੇ ਪਿੰਡ ਭਰਤਪੁਰ, ਗਿੱਦੜਪੁਰ, ਚੂਹੜ ਮਾਜਰਾ, ਮੱਛਲੀ ਕਲਾਂ, ਟੋਡਰ ਮਾਜਰਾ ਅਤੇ ਮਜਾਤ ਦੀ ਜ਼ਮੀਨ ਆਵੇਗੀ। ਜ਼ਮੀਨ ਲਈ ਕਿਸਾਨਾਂ ਨੂੰ ਹਰ ਪਿੰਡ ਦੇ ਕੁਲੈਕਟਰ ਰੇਟ ਦਾ ਪੰਜ ਗੁਣਾਂ ਭਾਅ ਮੁਹੱਈਆ ਕਰਾਇਆ ਜਾਵੇਗਾ।