










ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਕੰਮਕਾਜ ਦੀ ਕੀਤੀ ਸਮੀਖਿਆ
ਸਿਹਤ ਸੁਵਿਧਾਵਾਂ ਨੂੰ ਹੇਠਲੇ ਪੱਧਰ ਤੱਕ ਪੁਜਦਾ ਕਰਨਾ ਬਣਾਇਆ ਜਾਵੇ ਯਕੀਨੀ
ਕੋਟਪਾ ਐਕਟ ਤਹਿਤ ਨਵੰਬਰ 2024 ਤੱਕ ਕੀਤੇ ਗਏ 2017 ਚਾਲਾਨ
ਅੰਮ੍ਰਿਤਸਰ, 1 ਜਨਵਰੀ 2025:
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਿਹਤ ਸੁਵਿਧਾਵਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਖਾਸ ਤੌਰ ਤੇ ਸਰਹੱਦੀ ਖੇਤਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਹਾਸਿਲ ਕਰਨ ਲਈ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਿਹਤ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਪਿੰਡ ਪੱਧਰ ਤੱਕ ਆਪਣੀ ਪਹੁੰਚ ਨੂੰ ਯਕੀਨੀ ਬਣਾ ਕੇ ਸਿਹਤ ਸੁਵਿਧਾਵਾਂ ਦਿੱਤੀਆਂ ਜਾਣ। ਉਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਲੋਕਾਂ ਦੀ ਸਕਰੀਨਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋੜ ਪੈਣ ਤੇ ਸਵੈ ਭਾਵ ਨਾਲ ਕੰਮ ਕਰਨ ਵਾਲੇ ਸੁਪਰਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆਂ ਕਰਵਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਕਲੀਨਿਕਾਂ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਲੈਬ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ 15 ਅਗਸਤ 2022 ਤੋਂ ਨਵੰਬਰ 2024 ਤੱਕ 2426783 ਲੋਕਾਂ ਨੇ ਆਮ ਆਦਮੀ ਕਲੀਨਿਕ ਵਿੱਚ ਆਪਣਾ ਇਲਾਜ ਕਰਵਾਇਆ ਹੈ ਅਤੇ 403129 ਲੋਕਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਅਪ੍ਰੈਲ 2024 ਤੋਂ ਨਵੰਬਰ 2024 ਤੱਕ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ 2017 ਚਾਲਾਨ ਕੱਟ ਕੇ 57730/- ਰੁਪਏ ਜੁਰਮਾਨਾ ਲਗਾਇਆ ਗਿਆ ਹੈ ਅਤੇ ਜਿਲ੍ਹੇ ਦੇ 7 ਪਿੰਡਾਂ ਨੂੰ ਤੰਬਾਕੂ ਮੁਕਤ ਕੀਤਾ ਗਿਆ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਸਿਹਤ ਵਿਭਾਗ ਦੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹੇ ਵਿੱਚ ਕੁੱਲ ਸ਼ਹਿਰੀ ਆਬਾਦੀ 1318520 ਅਤੇ ਪੇਂਡੂ ਆਬਾਦੀ 1406113 ਹੈ, ਜਿਨ੍ਹਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ 7 ਹੈਲਥ ਬਲਾਕ, 1 ਜਿਲ੍ਹਾ ਹਸਪਤਾਲ, 2 ਮੈਡੀਕਲ ਕਾਲਜ, 2 ਸਬ-ਡਵੀਜਨਲ ਹਸਪਤਾਲ, 8 ਸੀ.ਐਚ.ਸੀ., 16 ਅਰਬਨ ਪੀ.ਐਚ.ਸੀ., 28 ਪੀ.ਐਚ.ਸੀਜ਼, 819 ਵਿਲੇਜ਼ ਹੈਲਥ ਐਂਡ ਸੈਨੀਟੇਸ਼ਨ ਕਮੇਟੀਆਂ, 1139 ਆਸ਼ਾ ਵਰਕਰ ਪੇਂਡੂ ਖੇਤਰ ਵਿੱਚ ਅਤੇ 382 ਆਸ਼ਾ ਵਰਕਰ ਸ਼ਹਿਰੀ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਚਲਾਈ ਜਾਂਦੀ ਜਨਨੀ ਸੁਰਖਿਆ ਯੋਜਨਾ ਅਧੀਨ ਗਰਭਵਤੀ ਔਰਤਾਂ ਦੀ ਭਲਾਈ ਲਈ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ। ਇਸ ਸਕੀਮ ਅਧੀਨ ਗਰੀਬੀ ਰੇਖਾਂ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ ਸਰਕਾਰੀ ਹਸਪਤਾਲ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲ ਪੇਂਡੂ ਖੇਤਰ ਵਿੱਚ ਡਲੀਵਰੀ ਕਰਵਾਉਣ ਦੇ 700/- ਰੁਪਏ ਅਤੇ ਸ਼ਹਿਰੀ ਔਰਤਾਂ ਨੂੰ 600/- ਰੁਪਏ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਰਾਸ਼ਟਰੀ ਬਾਲ ਸਵਾਸਥਯ ਕਾਰਿਆਕ੍ਰਮ ਅਧੀਨ ਸਕੂਲਾਂ ਵਿੱਚ ਇਕ ਵਾਰ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦੋ ਵਾਰ ਚੈਕਅਪ ਕੀਤਾ ਜਾਂਦਾ ਹੈ ਅਤੇ ਇਸ ਸਕੀਮ ਅਧੀਨ ਸਾਲ 2024-25 ਅਧੀਨ 888 ਸਕੂਲਾਂ ਵਿੱਚ ਡਾਕਟਰਾਂ ਵਲੋਂ ਵਿਜਿਟ ਕਰਕੇ 108614 ਵਿਦਿਆਰਥੀਆਂ ਦਾ ਚੈਕਅਪ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਕੈਂਸਰ ਪੀੜ੍ਹਤ ਮਰੀਜਾਂ ਦੇ ਲਈ 1.50 ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਸਬੰਧਤ ਸਰਕਾਰੀ ਹਸਪਤਾਲ/ਮਾਨਤਾ ਪ੍ਰਾਪਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ ਅਤੇ ਜਿਲ੍ਹੇ ਵਿੱਚ ਜਨਵਰੀ 2024 ਤੋਂ ਨਵੰਬਰ 2024 ਤੱਕ 150 ਮਰੀਜਾਂ ਨੇ ਇਸ ਸਕੀਮ ਦਾ ਲਾਭ ਪ੍ਰਾਪਤ ਕੀਤਾ ਹੈ।
ਮੀਟਿੰਗ ਦੌਰਾਨ ਡਾ. ਗੁਰਮੀਤ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ 11 ਸਰਕਾਰੀ ਹਸਪਤਾਲ ਅਤੇ 77 ਪ੍ਰਾਈਵੇਟ ਹਸਪਤਾਲ ਜਿਲ੍ਹੇ ਵਿੱਚ ਇੰਪੈਨਲਡ ਹਨ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ 2019 ਤੋਂ ਲੈ ਕੇ ਨਵੰਬਰ 2024 ਤੱਕ 135089 ਮਰੀਜਾਂ ਨੂੰ 182,80,20,802/-ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਡਾ. ਗੁਰਮੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਅਧੀਨ 619650 ਰਾਸ਼ਨ ਕਾਰਡ ਹੋਲਡਰ, 35097 ਕਿਸਾਨ, 1352 ਉਸਾਰੀ ਕਾਮੇ, 165 ਛੋਟੇ ਵਪਾਰੀ, 184 ਪੱਤਰਕਾਰ ਅਤੇ 54305 ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰ ਦਰਜ਼ ਹਨ।
ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ, ਜਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਡਾ. ਨੀਲਮ ਭਗਤ, ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਡਾ. ਰਜਿੰਦਰਪਾਲ, ਜਿਲ੍ਹਾ ਸਿਹਤ ਅਫ਼ਸਰ ਡਾ. ਜਸਪਾਲ ਸਿੰਘ, ਜਿਲ੍ਹਾ ਟੀ ਬੀ ਅਫ਼ਸਰ ਡਾ. ਵਿਜੈ, ਡਿਪਟੀ ਮਾਸ ਮੀਡੀਆ ਅਫ਼ਸਰ ਸ: ਅਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਡਾਕਟਰ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਸਿਹਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸਿਵਲ ਸਰਜਨ ਡਾ. ਕਿਰਨਦੀਪ ਕੌਰ
==–
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਜਿਲ੍ਹਾ ਪ੍ਰਸ਼ਾਸਨ ਨੇ 1700 ਟੀ ਬੀ ਮਰੀਜਾਂ ਨੂੰ ਖੁਰਾਕ ਲਈ ਗੋਦ ਲਿਆ
ਜਿਲ੍ਹਾ ਅਧਿਕਾਰੀਆਂ ਨੇ 100 ਮਰੀਜਾਂ ਨੂੰ ਆਪਣੇ ਪੱਧਰ ਤੇ ਕੀਤਾ ਅਡਾਪਟ
ਟੀ ਬੀ ਦੇ ਖਾਤਮੇ ਲਈ ਚਲਾਈ ਜਾ ਰਹੀ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ
ਜਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ
ਅੰਮ੍ਰਿਤਸਰ 1 ਜਨਵਰੀ 2025—
ਰਾਸ਼ਟਰੀ ਤਪਦਿਕ ਮਿਟਾਓ ਪ੍ਰੋਗਰਾਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਟੀ ਬੀ ਮੁਕਤ ਭਾਰਤ ਅਭਿਆਨ ਤਹਿਤ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਨ ਜਨ ਦਾ ਰੱਖੋ ਧਿਆਨ -ਟੀ ਬੀ ਮੁਕਤ ਭਾਰਤ ਅਭਿਆਨ ਅਤੇ ਸਾਰੇ ਹੋਣਗੇ ਜੇ ਸਾਥ- ਤਾਂ ਟੀ ਬੀ ਨੂੰ ਦੇਣਗੇ ਮਾਤ ਦੇ ਨਾਅਰੇ ਤਹਿਤ ਪਿੰਡ ਪੱਧਰ ਤੱਕ ਇਸ ਮੁਹਿੰਮ ਨੂੰ ਲੈ ਕੇ ਜਾਇਆ ਜਾਵੇਗਾ।
ਇਹ ਐਲਾਨ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਿਰਫ ਖੰਘ ਹੀ ਟੀ ਬੀ ਦਾ ਲੱਛਣ ਨਹੀਂ, ਜੇਕਰ ਤੁਹਾਨੂੰ ਬਲਗਮ ਵਾਲੀ ਖੰਘ, ਖੂਨ ਆਉਣਾ, ਬੁਖਾਰ ਹੋਣਾ, ਛਾਤੀ ਵਿੱਚ ਦਰਦ, ਸਰੀਰਕ ਬਦਲਾਅ, ਭਾਰ ਘੱਟਣਾ, ਰਾਤ ਨੂੰ ਪਸੀਨਾ ਆਉਣਾ, ਪੁਰਾਣੀ ਬਿਮਾਰੀ, ਜਾਂ ਥਕਾਵਟ ਹੁੰਦੀ ਹੋਵੇ ਤਾਂ ਇਨਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਨਿ-ਕਸ਼ੈ ਮਿੱਤਰ ਬਣ ਕੇ ਟੀ ਬੀ ਦੇ ਮਰੀਜਾਂ ਦੀ ਮਦਦ ਕਰੀਏ।
ਦੱਸਣਯੋਗ ਹੈ ਕਿ ਇਸ ਮਹਿਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1700 ਟੀ ਬੀ ਮਰੀਜਾਂ ਨੂੰ ਖੁਰਾਕ ਮੁਹਈਆ ਕਰਾਉਣ ਲਈ ਗੋਦ ਲਿਆ ਗਿਆ ਹੈ, ਜਿਸ ਵਿਚੋਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਟੀ ਬੀ ਦੇ 100 ਮਰੀਜਾਂ ਨੂੰ ਅਡਾਪਟ ਕੀਤਾ ਗਿਆ ਹੈ ਅਤੇ ਉਨਾਂ ਦਾ ਸਾਰਾ ਖਰਚਾ ਇਹ ਅਧਿਕਾਰੀ ਆਪਣੀ ਜੇਬ ਵਿਚੋਂ ਖਰਚ ਕਰਨਗੇ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ 10 ਮਰੀਜਾਂ ਨੂੰ ਅਡਾਪਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਵਲੋਂ ਵੀ ਟੀ ਬੀ ਦੇ ਮਰੀਜਾਂ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਤਾਂ ਜੋ ਜਿਲ੍ਹੇ ਨੂੰ ਟੀ ਬੀ ਮੁਕਤ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਟੀ ਬੀ ਦੇ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜੋ ਮਰੀਜ਼ ਆਰਥਿਕ ਤੌਰ ਉਤੇ ਅਸਮਰੱਥ ਹੋਣ ਕਾਰਨ ਸਹੀ ਖੁਰਾਕ ਨਹੀਂ ਲੈ ਰਹੇ, ਉਹਨਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਪਾਰਕ ਅਦਾਰਿਆਂ, ਰੈਡ ਕਰਾਸ, ਧਾਰਮਿਕ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹਰ ਮਹੀਨੇ ਖੁਰਾਕ ਮੁਹਈਆ ਕਰਵਾਈ ਜਾਵੇ।
ਸ਼੍ਰੀਮਤੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਟੀ ਬੀ ਨੂੰ ਖਤਮ ਕਰਨ ਵਾਲਾ ਅੰਮ੍ਰਿਤਸਰ ਪਹਿਲਾ ਜ਼ਿਲ੍ਹਾ ਦੇਸ਼ ਭਰ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਲਈ ਜੋ ਵੀ ਸਮਾਂ, ਸਾਧਨ, ਪੈਸਾ ਅਤੇ ਐਨਰਜੀ ਲਗਾਉਣ ਦੀ ਲੋੜ ਹੋਈ ਅਸੀਂ ਲਗਾਵਾਂਗੇ। ਉਹਨਾਂ ਜ਼ਿਲੇ ਵਿੱਚ ਮੌਜੂਦ 5 ਹਜਾਰ ਤੋਂ ਵੱਧ ਮਰੀਜ਼ਾਂ ਦੀ ਰਹਾਇਸ਼ ਅਨੁਸਾਰ ਮੈਪਿੰਗ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਉਹਨਾਂ ਦੇ ਇਲਾਕਿਆਂ ਨੂੰ ਧਿਆਨ ਵਿੱਚ ਰੱਖ ਕੇ ਆਸ਼ਾ ਵਰਕਰ ਜਾਂ ਹੋਰ ਕਰਮਚਾਰੀਆਂ ਦੀ ਡਿਊਟੀ ਅਜਿਹੇ ਮਰੀਜ਼ਾਂ ਦੀ ਦਵਾਈ ਅਤੇ ਖੁਰਾਕ ਮੁਹਈਆ ਕਰਵਾਉਣ ਲਈ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਅਜਿਹੀ ਪ੍ਰਣਾਲੀ ਅਤੇ ਸਾਧਨ ਕਾਇਮ ਕੀਤੇ ਜਾਣ ਕਿ ਹਰੇਕ ਮਰੀਜ਼ ਨੂੰ ਰੋਜਾਨਾ ਦਵਾਈ ਲੈਣ ਲਈ ਮੋਬਾਇਲ ਉੱਤੇ ਦੋ ਵਾਰ ਮੈਸੇਜ ਜਾਵੇ ਅਤੇ ਇਸ ਤੋਂ ਇਲਾਵਾ ਜਦੋਂ ਉਸ ਦੀ ਖੁਰਾਕ ਜਾਂ ਦਵਾਈ ਮੁੱਕਦੀ ਹੈ ਤਾਂ ਉਸ ਨੂੰ ਹੈਲਪਲਾਈਨ ਨੰਬਰ ਦਿੱਤਾ ਜਾਵੇ ਜੋ ਕਿ ਫੋਨ ਕਰਕੇ ਸਹਾਇਤਾ ਲੈ ਸਕੇ। ਉਨਾਂ ਨੇ ਇਸ ਲਈ ਜੇਲ ਵਿੱਚ ਬੰਦ ਕੈਦੀਆਂ ਵਿੱਚੋਂ ਵੀ ਟੀ ਬੀ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਦਾ ਇਲਾਜ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਲਈ ਅੱਗੇ ਆਉਣ। ਉਨਾਂ ਕਿਹਾ ਕਿ ਜੋ ਲੋਕ ਆਪਣਾ ਜਨਮ ਦਿਨ, ਵਿਆਹ ਸਾਲਗ੍ਰਿਹਾ ਆਦਿ ਮੌਕਿਆਂ ਤੇ ਟੀ ਬੀ ਦੇ ਮਰੀਜਾਂ ਨੂੰ ਅਡਾਪਟ ਕਰਨ ਅਤੇ ਲੋੜਵੰਦ ਮਰੀਜਾਂ ਦੀ ਖੁਰਾਕ ਅਤੇ ਦਵਾਈ ਦਾ ਪ੍ਰਬੰਧ ਕਰਨ ਤਾਂ ਜੋ ਉਨਾਂ ਦੇ ਇਹ ਦਿਨ ਯਾਦਗਾਰ ਬਣ ਸਕਣ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਟੀ ਬੀ ਦੇ ਮਰੀਜਾਂ ਲਈ ਹੈਲਪਲਾਈਨ ਨੰਬਰ 0183-2422155 ਅਤੇ ਮੋਬਾਇਲ ਨੰਬਰ 9056454988 ਜਾਰੀ ਕੀਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵਿਅਕਤੀ ਟੀ ਬੀ ਮਰੀਜਾਂ ਨੂੰ ਅਡਾਪਟ ਕਰਨਾ ਚਾਹੁੰਦੇ ਹਨ। ਉਹ ਇਸ ਨੇਕ ਕੰਮ ਲਈ ਦਿੱਤੇ ਗਏ ਹੈਲਪਲਾਈਨ ਉਪਰ ਸੰਪਰਕ ਕਰ ਸਕਦੇ ਹਨ ਅਤੇ ਨਿ-ਕਸ਼ੈ ਪੋਰਟਲ ਤੇ ਰਜਿਸਟਰਡ ਹੋ ਕੇ ਲੋੜਵੰਦਾਂ ਦੀ ਮਦਦ ਵੀ ਕਰ ਸਕਦੇ ਹਨ।
ਕੈਪਸ਼ਨ–
ਫਾਈਲ ਫੋਟੋ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ।
==
