Hindi English Punjabi

ਹੈਰਾਨੀਜਨਕ ਰਣਜੀਤ ਢੱਡਰੀਆਂ ਕਾਂਡ, ਪੁਲਿਸ ਅਫਸਰਾਂ ਖਿਲਾਫ਼ ਹੋਵੇਗੀ ਕਾਰਵਾਈ, ਪੋਸਟ ਮਾਰਟਮ ਹੋਇਆ ਪਰ ਐਫ ਆਈ ਆਰ ਤੋਂ ਬਗੈਰ

22

ਪੁਲਿਸ ਅਫਸਰਾਂ ਅਤੇ ਲੀਡਰਾਂ ਖਿਲਾਫ ਐਫ ਆਈ ਆਰ ਦਰਜ ਕਰਨ ਤੇ ਹੀ ਕਈ ਸਾਲ ਲੰਘ ਜਾਂਦੇ ਹਨ  ।
ਪਰਮੇਸ਼ਵਰ ਦੁਆਰ  ਨਾਮ ਦੇ ਧਾਰਮਿਕ ਸਥਾਨ ਦੇ ਆਗੂ ਅਤੇ ਆਪਣੇ ਨਾਮ ਨਾਲ ਸੰਤ ਲਗਾਉਣ ਵਾਲੇ

ਭਾਈ ਰਣਜੀਤ ਸਿੰਘ ਢੱਡਰੀਆਂ ਖਿਲਾਫ਼ FIR ਦਰਜ ਕਰਵਾਉਣ ਲਈ ਉਸ ਅਭਾਗੀ ਲੜਕੀ ਦੇ ਮਾਪਿਆਂ ਨੂੰ

12 ਸਾਲ ਕਨੂੰਨੀ ਲੜਾਈ ਲੜਨੀ ਪਈ ਜਿਸ ਦੀ 2012 ਵਿੱਚ ਮੌਤ ਹੋ ਗਈ ਸੀ, ਮ੍ਰਿਤਕ ਲੜਕੀ ਦਾ ਨਾਂ ਰਮਨਜੀਤ ਕੌਰ ਸੀ ।
ਇਥੇ ਇਹ ਵੀ ਹੈਰਾਨੀਜਨਕ ਗੱਲ ਹੈ ਕਿ ਨੌਜਵਾਨ ਲੜਕੀ ਆਤਮਹੱਤਿਆ ਕਰ ਜਾਂਦੀ ਹੈ ਉਸ ਦਾ ਪੋਸਟਮਾਰਟਮ ਵੀ ਕਰਵਾਇਆ ਜਾਂਦਾ ਹੈ ਪਰ ਐਫਆਈਆਰ ਦਰਜ ਕੀਤੇ ਤੋਂ ਬਗੈਰ ।
ਮ੍ਰਿਤਕ ਲੜਕੀ ਦੇ ਮਾਪਿਆਂ ਵੱਲੋਂ
ਪੰਜਾਬ ਚ ਅਤੇ ਹਰਿਆਣਾ ਹਾਈਕੋਰਟ ਵਿੱਚ ਰਿਟ ਦਾਖਲ ਕਰਕੇ ਇਨਸਾਫ ਦੀ ਮੰਗ ਕੀਤੀ ਗਈ ਸੀ  ।
ਹੁਣ ਡੀ ਜੀ ਪੀ ਪੰਜਾਬ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ

ਹਲਫਨਾਵਾਂ ਦਾਇਰ ਕਰਕੇ ਜਾਣਕਾਰੀ ਦਿੱਤੀ ਹੈ ਕਿ

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ। ਅਤੇ ਉਸ ਵੇਲੇ ਦੇ ਐਸ ਐਚ ਓ ਅਤੇ ਐਸਪੀ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ।
ਮਿਰਤਕ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਉੱਪਰ ਬਣਦੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਕੇ

ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿਟ ਪਟੀਸ਼ਨ ਪਾਈ ਗਈ ਸੀ ।
ਪੁਲਿਸ ਥਾਣਾ ਪਿਸਿਆਣਾ  ਜ਼ਿਲਾ ਪਟਿਆਲਾ  ਦੇ ਉਸ ਵੇਲੇ ਦੇ ਐਸ ਐਚ ਓ ਅਸ਼ੋਕ ਕੁਮਾਰ ਜੋ ਕਿ ਮੌਜੂਦਾ ਸਮੇਂ ਵਿੱਚ ਐਸ ਪੀ ਪੁਲਿਸ ਹਨ ਅਤੇ ਉਸ ਵੇਲੇ ਦੇ ਡੀ ਐਸ ਪੀ ਅਤੇ ਹੁਣ ਸੇਵਾ ਮੁਕਤ ਐਸ ਪੀ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
12 ਸਾਲਾਂ ਤੱਕ ਕਾਰਵਾਈ ਨਾ ਕਰਨ ਤੇ ਹੈਰਾਨੀ ਪ੍ਰਗਟ ਕਰਦੇ ਹੋਏ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਦੀ ਬੈਂਚ ਨੇ ਡੀ ਜੀ ਪੀ ਪੰਜਾਬ ਤੋਂ ਜਵਾਬ ਮੰਗਿਆ ਸੀ ਕਿ ਆਖਰ 12 ਸਾਲ ਤੱਕ ਬਿਨਾਂ ਐਫ ਆਈ ਆਰ ਦਰਜ ਕੀਤੇ ਜਾਂਚ ਕਿਵੇਂ ਕੀਤੀ ਗਈ ਅਤੇ ਐਫ ਆਈ ਆਰ ਦਰਜ ਨਾ ਕਰਨ ਵਾਲੇ ਪੁਲਿਸ ਅਫਸਰਾਂ ਤੇ ਕੀ ਕਾਰਵਾਈ ਕੀਤੀ ਗਈ ਜਾਂ ਕੀਤੀ ਜਾਵੇਗੀ ?
ਇਸ ਦੌਰਾਨ ਆਪਣੀ ਸਫਾਈ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇੱਕ ਵੀਡੀਓ ਰਾਹੀਂ ਕਿਹਾ ਹੈ ਕਿ ਉਸ ਤੇ ਲੱਗੇ ਹੋਏ ਸਾਰੇ ਦੋਸ਼ ਝੂਠੇ ਹਨ ਅਤੇ ਉਹ ਇਹਨਾਂ ਲੱਗੇ ਦੋਸ਼ਾਂ ਤੋਂ ਹੈਰਾਨ ਹਨ ।   ਕੁਝ ਦਿਨ ਜਾਂ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਸਾਫ ਹੋ ਜਾਏਗਾ ਕਿ ਇਹ ਸਿਰਫ ਦੋਸ਼ ਹੈ ।  ਜਾਂਚ ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ । 13 ਸਾਲ ਪਹਿਲਾਂ ਪਰਮੇਸ਼ਵਰ ਦੁਆਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਸਾਹਮਣੇ ਇੱਕ ਕੁੜੀ ਨੇ
ਖੁਦਕੁਸ਼ੀ ਕੀਤੀ ਸੀ
ਉਸ ਸਮੇਂ ਪੁਲਿਸ ਜਾਂਚ ਹੋਈ ਸੀ ਅਤੇ ਮਾਮਲਾ ਬੰਦ ਹੋ ਗਿਆ ਸੀ।ਅੱਜ ਹਾਈਕੋਰਟ ਦੇ ਕੋਲ ਜੋ ਪਰਿਵਾਰ ਗਿਆ ਹੈ ਉਸ ਨੇ ਉਸ ਵੇਲੇ ਕਿਹਾ ਸੀ ਕਿ ਕੋਈ ਜਾਂਚ ਨਹੀਂ ਕਰਵਾਉਣੀ ਚਾਹੁੰਦੇ ਪਰ ਹੁਣ ਉਹ ਹਾਈ ਕੋਰਟ ਗਏ ਹਨ ਤੇ ਹਾਈਕੋਰਟ ਦੇ ਜੱਜ ਨੇ ਕਿਹਾ ਹੈ ਕਿ ਐਫ ਆਈ ਆਰ ਦਰਜ ਕਰਕੇ ਜਾਂਚ ਕਰੋ।
ਢੱਡਰੀਆਂ ਵਾਲਾ ਅੱਗੇ ਕਹਿੰਦੇ ਹਨ ਕਿ ਉਹ ਮੈਨੂੰ ਬੁਲਾ ਕੇ ਜਾਂਚ ਕਰ ਲੈਣ, ਚਾਹੇ ਮੇਰੇ ਕੋਲ ਆ ਕੇ ਜਾਂਚ ਕਰ ਲੈਣ, ਮੈਨੂੰ ਲਿਜਾ ਕੇ ਵੀ ਜਾਂਚ ਕਰ ਲੈਣ ਮੈਂ ਅਤੇ ਸਾਰਾ ਪਰਮੇਸ਼ਵਰ ਦੁਆਰ ਜਥਾ ਇਸ ਚ ਪੂਰਾ ਸਹਿਯੋਗ ਕਰਾਂਗੇ ।
200 ਫੀਸਦੀ ਅਸੀਂ ਸੱਚ ਕਹਿ ਰਹੇ ਹਾਂ ਤੇ ਕਿਸੇ ਤਰ੍ਹਾਂ ਦਾ ਵੀ ਸਾਡਾ ਇਸ ਵਿੱਚ ਕਸੂਰ ਨਹੀਂ ਨਿਕਲੇਗਾ ।
ਪੋਸਟਮਾਰਟਮ ਦੀ ਰਿਪੋਰਟ ਵਿੱਚ ਕੋਈ ਜਬਰ ਜਿਨਾਹ ਦੀ ਗੱਲ ਨਹੀਂ ਹੈ  ਪਰ ਉਹਨਾਂ ਦੇ ਅੰਦਰ ਇੱਕ ਸ਼ੱਕ ਪੈਦਾ ਹੋ ਗਿਆ ਕਿ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਹੋਇਆ ਸੀ ਤਾਂ ਉਹਨਾਂ ਨੂੰ ਆਪਣਾ ਸ਼ੱਕ ਖਤਮ ਕਰ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਉਹਨਾਂ ਨੂੰ ਹਾਈ ਕੋਰਟ ਅਤੇ ਪੰਜਾਬ ਪੁਲਿਸ ਉੱਪਰ ਪੂਰਾ  ਭਰੋਸਾ ਹੈ ।
ਆਪਣੀ ਤਕਰੀਰ ਵਿੱਚ ਉਹਨਾਂ ਆਪਣੇ ਹਮਾਇਤੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ।
ਇੱਥੇ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ  ਡੇਰਾ ਸੱਚਾ ਸੌਦਾ ਮੁਖੀ ਹੋਵੇ,  ਸਿੱਖ ਕਤਲੇਆਮ ਕਾਂਡ ਹੋਵੇ, ਛਬੀਲ ਕਾਂਡ ਵਿੱਚ  ਢੱਡਰੀਆਂ ਵਾਲੇ ਦੇ ਸਾਥੀ ਦੇ ਮਾਰੇ ਜਾਣ ਦਾ ਮਾਮਲਾ ਹੋਵੇ ਜਾਂ ਫਿਰ ਹੋਰ  ਵੱਡੇ ਕਦਾਵਰ ਨੇਤਾ ਜਾਂ ਪੁਲਿਸ ਅਧਿਕਾਰੀ ਹੋਣ ਤਾਂ ਉਹਨਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਸਾਲਾਂ ਬੱਧੀ ਕਾਨੂੰਨੀ ਲੜਾਈ ਲੜਨ ਲਈ  ਪੀੜਤਾਂ ਨੂੰ ਕਿਉਂ ਮਜਬੂਰ ਹੋਣਾ ਪੈਂਦਾ ਹੈ  ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੀ ਕਾਨੂੰਨੀ ਲੜਾਈ  ਦੀ ਅੱਜ ਫਿਰ ਸੁਣਵਾਈ ਹੋਵੇਗੀ।