Hindi English Punjabi

ਪਿਸਤੌਲ ਵਿਖਾ ਕੇ ਨਕਾਬਪੋਸ਼ਾਂ ਨੇ ਦੁਕਾਨ ਤੋਂ ਲੁੱਟੀ ਨਕਦੀ

32

ਭੁਲੱਥ, 6 ਦਸੰਬਰ- ਕਸਬਾ ਭੁਲੱਥ ’ਚ ਵੀਰਵਾਰ ਰਾਤ 7.30 ਦੇ ਕਰੀਬ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਵਿਖਾ ਕੇ ਦੁਕਾਨ ਤੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰਿਆਂ ਵੱਲੋਂ ਜਿਸ ਦੁਕਾਨ ’ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਭਰੇ ਬਾਜ਼ਾਰ ’ਚ ਹੈ ਤੇ ਥਾਣਾ ਭੁਲੱਥ ਤੇ ਅਦਾਲਤ ਕੰਪਲੈਕਸ ਤੋਂ ਕੁੱਝ ਹੀ ਦੂਰੀ ’ਤੇ ਸਥਿਤ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰਾਮ ਲੁਭਾਇਆ ਨੇ ਦੱਸਿਆ ਕਿ ਉਹ ਪੇਂਟ ਤੇ ਸੈਨੇਟਰੀ ਦਾ ਕੰਮ ਕਰਦਾ ਹੈ ਤੇ ਵੀਰਵਾਰ ਸ਼ਾਮ 7.30 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਅਤੇ ਉਹ ਆਪਣੀ ਦੁਕਾਨ ਦਾ ਸਾਮਾਨ ਅੰਦਰ ਰੱਖ ਰਹੇ ਸਨ ਤਾਂ ਉਸ ਸਮੇਂ ਚਾਰ-ਪੰਜ ਦੇ ਕਰੀਬ ਨੌਜਵਾਨ, ਜਿਨ੍ਹਾਂ ਮੂੰਹ ਬੰਨ੍ਹੇ ਹੋਏ ਸਨ, ਦੁਕਾਨ ਅੰਦਰ ਦਾਖ਼ਲ ਹੋਏ ਤੇ ਉਹ ਕਾਊਂਟਰ ਨੂੰ ਪਾਰ ਕਰ ਕੇ ਦੂਜੇ ਪਾਸੇ ਚਲੇ ਗਏ ਅਤੇ ਦੁਕਾਨ ਦੇ ਗੱਲੇ ’ਚੋਂ ਪੈਸੇ ਕੱਢ ਲਏ। ਜਦੋਂ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਪਿਸਤੌਲ ਵਿਖਾ ਕੇ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਦੁਕਾਨ ’ਚ ਕੰਮ ਕਰ ਰਹੇ ਇਕ ਵਿਅਕਤੀ ਆਇਆ ਤਾਂ ਉਨ੍ਹਾਂ ਉਸ ਨੂੰ ਵੀ ਪਿਸਤੌਲ ਵਿਖਾ ਕੇ ਮਾਰਨ ਦੀ ਧਮਕੀ ਦੇ ਕੇ ਉਸ ਨੂੰ ਚਲੇ ਜਾਣ ਲਈ ਕਿਹਾ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਰੇਆਮ ਹੋਈ ਲੁੱਟ ਦੀ ਇਹ ਘਟਨਾ ਭੁਲੱਥ ’ਚ ਦੋ ਦਿਨਾਂ ’ਚ ਤੀਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ ਇਕ ਹਲਵਾਈ ਦੀ ਦੁਕਾਨ ਤੋਂ ਪਿਸਤੌਲ ਦੇ ਜ਼ੋਰ ’ਤੇ ਲੁੱਟ ਕੀਤੀ ਗਈ ਸੀ। ਦੁਕਾਨਦਾਰਾਂ ’ਚ ਸਰੇਆਮ ਲੁੱਟ ਦੀ ਘਟਨਾ ਹੋਣ ਨਾਲ ਦਹਿਸ਼ਤ ਪਾਈ ਜਾ ਰਹੀ ਹੈ।