ਖਨੋਰੀ, 13 ਦਸੰਬਰ- ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਬੀਤੇ 17 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ਸਰੀਰ ’ਚ ਜ਼ਿਆਦਾ ਕਮਜ਼ੋਰੀ ਆ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਦੱਸਿਆ ਹੈ। ਇਸੇ ਦੌਰਾਨ ਕਿਸਾਨ ਆਗੂਆਂ ਨੇ 13 ਦਸੰਬਰ ਨੂੰ ਖਨੌਰੀ ਬਾਰਡਰ ਸਮੇਤ ਪੰਜਾਬ ਭਰ ’ਚ ਕੇਂਦਰ ਤੇ ਸੂਬਾ ਸਰਕਾਰ ਦੇ ਪੂਤਲੇ ਫੁਕਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣ ਤੇ 18 ਮਾਰਚ ਨੂੰ ਰੇਲ ਗੱਡੀਆਂ ਵੀ ਰੋਕੀਆਂ ਜਾਣਗੀਆਂ। ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਡਾ. ਸਵੈਮਾਨ ਟੀਮ ਵੱਲੋਂ ਵਾਸ਼ਿੰਗਟਨ ਤੋਂ ਬੁਲਾਏ ਡਾਕਟਰ ਕਰਨ ਜਟਵਾਣੀ ਨੇ ਵੀਰਵਾਰ ਨੂੰ ਡੱਲੇਵਾਲ ਦਾ ਚੈਕਅਪ ਕੀਤਾ। ਉਨ੍ਹਾਂ ਦੱਸਿਆ ਕਿ 17 ਦਿਨਾਂ ਤੋਂ ਕੁਝ ਨਾ ਖਾਣ ਕਾਰਨ ਡੱਲੇਵਾਲ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ। ਉਨ੍ਹਾਂ ਦਾ ਵਜ਼ਨ ਕਰੀਬ 12.5 ਕਿੱਲੋ ਘੱਟ ਗਿਆ ਹੈ। ਕਿਡਨੀਆਂ ਤੇ ਫੇਫੜੇ ਕਾਫੀ ਪ੍ਰਭਾਵਿਤ ਹੋ ਰਹੇ ਹਨ। ਕਮਜ਼ੋਰੀ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਹਾਲਤ ਉਨ੍ਹਾਂ ਨੂੰ ਕਿਸੇ ਵੇਲੇ ਵੀ ਐਮਰਜੈਂਸੀ ਦੀ ਲੋੜ ਪੈ ਸਕਦੀ ਹੈ। ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨੀ ਕੋਈ ਵੀ ਸਰਕਾਰ ਕਿਸਾਨੀ ਅੰਦੋਲਨ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ। ਇਸ ਲਈ ਦੋਵਾਂ ਮੋਰਚਿਆਂ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਦੌਰਾਨ ਡੀਸੀ ਤੇ ਐੱਸਡੀਐੱਮ ਜ਼ਰੀਏ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ। ਔਲਖ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਕਿਸਾਨ ਟਰੈਕਟਰ ਦੇ ਅੱਗੇ ਡੱਲੇਵਾਲ ਦੀ ਫੋਟੋ ਲਗਾਉਣ। ਇਸ ਤੋਂ ਬਾਅਦ 18 ਦਸੰਬਰ ਨੂੰ ਪੰਜਾਬ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ’ਚ ਕਿਸਾਨ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਡੱਲੇਵਾਲ ਦੀ ਹੌਸਲਾ ਅਫ਼ਜ਼ਾਈ ਤੇ ਸਮਰਥਣ ’ਚ ਖਨੌਰੀ ਬਾਰਡਰ ਸਮੇਤ ਪਿੰਡਾਂ ’ਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਫੂਕਣਗੇ। ਇਸ ਲਈ ਨੌਜਵਾਨਾਂ ਤੇ ਔਰਤਾਂ ਦਾ ਵੱਡਾ ਜਥਾ ਖਨੌਰੀ ਮੋਰਚੇ ’ਚ ਪੁੱਜੇਗਾ।
ਡੱਲੋਵਾਲ ਦਾ ਸੁਰੱਖਿਆ ਘੇਰਾ ਵਧਾਇਆ
ਲਖਵਿੰਦਰ ਸਿੰਘ ਨੇ ਕਿਹਾ ਕਿ ਸੁਣਨ ’ਚ ਆਇਆ ਹੈ ਕਿ ਵਿਗੜਦੀ ਸਿਹਤ ਦੇ ਮੱਦੇਨਜ਼ਰ ਪ੍ਰਸ਼ਾਸਨ ਡੱਲੇਵਾਲ ਨੂੰ ਦੁਬਾਰਾ ਲੈ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਡੱਲੇਵਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਾਤਾਸਿੰਘ ਵਾਲਾ ਤੋਂ ਖਨੌਰੀ ਤੱਕ ਮਨੁੱਖੀ ਚੇਨ ਬਣਾਉਣ ਦਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਪ੍ਰਤੀ ਕਿਸਾਨਾਂ ’ਚ ਰੋਸ ਹੈ ਤੇ ਹੁਣ ਹਰ ਕਿਸਾਨ ਡੱਲੇਵਾਲ ਬਣ ਚੁੱਕਾ ਹੈ। ਜੇਕਰ ਸਰਕਾਰ ਨੇ ਗ਼ਲਤੀ ਦੁਹਰਾਈ ਤੇ ਡੱਲੇਵਾਲ ਨੂੰ ਕੁਝ ਹੋਇਆ ਤਾਂ ਇਸ ਲਈ ਪ੍ਰਸ਼ਾਸਨ ਤੇ ਸਰਕਾਰ ਖ਼ੁਦ ਜ਼ਿੰਮੇਵਾਰ ਹੋਣਗੇ।
ਡੱਲੇਵਾਲ ਨੇ ਖੂਨ ਨਾਲ ਲਿਖੀ ਪੀਐੱਮ ਨੂੰ ਚਿੱਠੀ
ਖਨੌਰੀ ਬਾਰਡਰ ’ਤੇ ਮਨਰ ਵਰਤ ’ਤੇ ਬੈਠੇ ਡੱਲੇਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਨ ਨਾਲ ਹਸਤਾਖਰ ਕਰਕੇ ਪੱਤਰ ਵੀ ਲਿਖਿਆ ਹੈ। ਪੱਤਰ ’ਚ ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਜਾਂ ਫਿਰ ਮੇਰੀ ਕੁਰਬਾਨੀ ਲਈ ਤਿਆਰ ਰਹੋ। ਜੇਕਰ ਮੇਰੀ ਮੌਤ ਹੋਈ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹੁਣ ਨਹੀਂ ਤਾਂ ਫਿਰ ਕਦੋਂ। ਭਾਕਿਯੂ ਹਰਿਆਣਾ ਦੇ ਆਗੂ ਅਭਿਮਨਯੂ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਨੇ ਚਿੱਠੀ ’ਚ ਲਿਖਿਆ ਹੈ ਕਿ ਉਹ ਸਾਧਰਨ ਕਿਸਾਨ ਹਨ ਤੇ ਪਿਛਲੇ 17 ਦਿਨ ਤੋਂ ਮਰਨ ਵਰਤ ’ਤੇ ਹਨ। ਉਹ ਕਿਸਾਨੀ ਮੰਗਾਂ ਬਾਰੇ ਸਰਕਾਰ ਵੱਲੋ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਬੀਤੇ ਚਾਰ ਦਿਨਾਂ ਤੋਂ ਮੋਰਚੇ ’ਚ ਕਿਸਾਨਾਂ ਨੂੰ ਸੰਬੋਧਨ ਨਾ ਕਰ ਸਕੇ ਜਗਜੀਤ ਸਿੰਘ ਡੱਲੇਵਾਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਲੋਕਾਂ ਨੂੰ ਮੋਰਚੇ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਐੱਮਐੱਸਪੀ, ਪਾਣੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੂਰਾ ਜ਼ੋਰ ਲਾ ਰੱਖਿਆ ਹੈ ਕੀ ਕਿਸਾਨ ਅੰਦੋਲਨ ਨੂੰ ਕਿਵੇ ਰੋਲ਼ਿਆ ਜਾ ਸਕੇ ਪਰ ਇਸ ਲੜਾਈ ਨੂੰ ਜਿੱਤਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੋਰਚਾ ਹੁਣ ਸ਼ਿਖਰ ’ਤੇ ਪੁੱਜ ਗਿਆ ਹੈ। ਇਸ ਲਈ ਹਰੇਕ ਕਿਸਾਨ ਪਰਿਵਾਰ ਦਾ ਘੱਟੋ ਘੱਟ ਇਕ-ਇਕ ਮੈਂਬਰ ਮੋਰਚੇ ’ਚ ਸ਼ਾਮਲ ਹੋਵੇ ਤਾਂ ਜੋ ਮੋਰਚੇ ਨੂੰ ਮਜ਼ਬੂਤ ਕੀਤਾ ਜਾ ਸਕੇ।
