Hindi English Punjabi

ਧਾਰੀਵਾਲ ਡਾਕਖਾਨਾ ਬਹੁਚਰਚਿਤ ਘੁਟਾਲੇ ’ਚ ਚਾਰ ਏਜੰਟਾਂ ਨੂੰ ਤਿੰਨ -ਤਿੰਨ ਸਾਲ ਦੀ ਕੈਦ

25

ਧਾਰੀਵਾਲ, 13 ਦਸੰਬਰ- ਡਾਕਖਾਨਾ ਧਾਰੀਵਾਲ ਵਿੱਚ ਐਫਡੀਆਂ ਅਤੇ ਆਰਡੀਆਂ ਖੋਲਣ ਵਾਲੇ ਚਾਰ ਏਜੰਟਾਂ (ਦੋ ਔਰਤਾਂ ਅਤੇ ਦੋ ਮਰਦਾਂ) ਨੂੰ ਲੱਖਾਂ ਰੁਪਏ ਦੇ ਘਪਲੇਬਾਜ਼ੀ ਕਰਨ ਦੇ ਦੋਸ਼ ਵਿੱਚ ਜੱਜ ਜਗਿੰਦਰ ਸਿੰਘ ਦੀ ਅਦਾਲਤ ਗੁਰਦਾਸਪੁਰ ਵਲੋਂ ਵੱਖ ਵੱਖ ਧਾਰਾਵਾਂ ਤਹਿਤ ਤਿੰਨ -ਤਿੰਨ ਸਾਲ ਦੀ ਕੈਦ ਅਤੇ ਨੌ-ਨੌ ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਧਾਰੀਵਾਲ ਡਾਕਖਾਨੇ ਦੇ ਚਾਰ ਏਜੰਟਾਂ ਜਿੰਨ੍ਹਾ ਵਿੱਚ ਰਮੇਸ਼ ਕੁਮਾਰ ਪੁੱਤਰ ਬੋਧ ਰਾਜ ਵਾਸੀ ਕ੍ਰਿਸ਼ਨਾ ਗਲੀ ਧਾਰੀਵਾਲ ਤੇ ਉਸਦੀ ਪਤਨੀ ਸੀਮਾ ਰਾਣੀ ਅਤੇ ਬਲਵਿੰਦਰ ਕੁਮਾਰ ਉਰਫ ਬਲਵਿੰਦਰ ਰਾਏ ਮਹਾਜਨ ਪੁੱਤਰ ਢਿੱਲੋਂ ਰਾਮ ਵਾਸੀ ਗੋਪਾਲ ਨਗਰ ਧਾਰੀਵਾਲ ਤੇ ਉਸਦੀ ਪਤਨੀ ਨਿਰਮਲਾ ਮਹਾਜਨ ਨੇ ਡਾਕਖਾਨੇ ਵਿੱਚ ਐਫ ਡੀਆਂ ਵਲੋਂ ਲੋਕਾਂ ਕੋਲੋਂ ਐਫਡੀਆਂ ਕਰਵਾਉਣ ਅਤੇ ਆਰਡੀਆਂ ਖੋਲ੍ਹਣ ਲਈ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਵਲੋਂ ਵੱਧ ਰਕਮ ਲੈ ਕੇ ਘੱਟ ਪੈਸੇ ਦੀਆਂ ਐਫਡੀਆਂ ਕਰਕੇ ਅਤੇ ਆਰਡੀਆਂ ਖੋਲ੍ਹ ਕੇ ਗ੍ਰਾਹਕਾਂ ਦੀ ਪਾਸ ਬੁੱਕ ਉਪਰ ਖੁਦ ਹੀ ਪੂਰੀ ਰਕਮ ਲਿਖ ਦਿੱਤੀ ਜਾਂਦੀ ਰਹੀ। ਜਦੋਂ ਕੁੱਝ ਐਫਡੀ/ਆਰਡੀ ਧਾਰਕ ਲੋਡ਼ ਪੈਣ ’ਤੇ 2016 ਵਿੱਚ ਆਪਣੀ ਐਫਡੀ/ਆਰਡੀ ਦੇ ਪੈਸੇ ਕੱਢਵਾਉਣ ਡਾਕਖਾਨੇ ਗਏ ਤਾਂ ਇਹ ਘਪਲਾ ਸਾਹਮਣੇ ਆਇਆ ਅਤੇ ਇਸ ਧੋਖਾਧਡ਼ੀ ਦਾ ਮਾਮਲਾ 2016 ਵਿੱਚ ਬਹੁਚਰਚਿੱਤ ਰਿਹਾ। ਇਸ ਧੋਖਾਧਡ਼ੀ ਦੇ ਪੀਡ਼ਤ ਜਿਆਦਾਤਰ ਸੀਨੀਅਰ ਸਿਟੀਜਨ/ਪੈਨਸਨਰ ਹਨ। ਸ਼ਿਕਾਇਤ ਕਰਤਾ ਤ੍ਰਿਪਤਾ ਦੇਵੀ ਪਤਨੀ ਬਲਦੇਵ ਰਾਜ ਵਾਸੀ ਧਾਰੀਵਾਲ ਕੋਲੋਂ 5 ਲੱਖ ਰੁਪਏ ਐਫਡੀ ਕਰਨ ਵਾਸਤੇ ਡਾਕਖਾਨੇ ਦੇ ਏਜੰਟ ਰਮੇਸ਼ ਕੁਮਾਰ ਅਤੇ ਸੀਮਾ ਰਾਣੀ ਨੇ ਲਏ ਸਨ ਪਰ 5 ਹਜਾਰ ਦੀ ਐਫਡੀ ਕਰਕੇ ਉਨ੍ਹਾਂ ਦੀ ਪਾਸ ਬੁੱਕ ਉਪਰ 5 ਲੱਖ ਲਿਖ ਕੇ ਦਿੱਤੇ ਗਏ। ਦੂਜੀ ਰਕਮ 6 ਲੱਖ ਰੁਪਏ ਐਫ.ਡੀ.ਵਾਸਤੇ ਲੈ ਕੇ 600 ਰੁਪਏ ਦੀ ਆਰ.ਡੀ.ਕਰ ਕੇ ਪਾਸ ਬੁੱਕ ਤੇ 6 ਲੱਖ ਐਫਡੀ ਲਿਖ ਦਿੱਤੀ। ਇਸੇ ਤਰ੍ਹਾਂ ਡਾਕਖਾਨਾ ਏਜੰਟਾਂ ਬਲਵਿੰਦਰ ਕੁਮਾਰ ਉਰਫ ਬਲਵਿੰਦਰ ਰਾਏ ਮਹਾਜਨ ਅਤੇ ਨਿਰਮਲਾ ਮਹਾਜਨ ਨੇ ਬਚਨ ਲਾਲ ਪੁੱਤਰ ਪਿਆਰਾ ਲਾਲ ਵਾਸੀ ਕਾਦੀਆਂ ਕੋਲੋਂ 7 ਲੱਖ ਰੁਪਏ ਐਫ ਡੀ ਕਰਨ ਵਾਸਤੇ ਲਏ ਪਰ ਥੋਡ਼ੇ ਥੋਡ਼ੇ ਪੈਸੇ ਦੀਆਂ ਆਰ ਡੀਆਂ ਖੋਲ੍ਹ ਕੇ ਪਾਸ ਬੁੱਕ ਵਿੱਚ ਲੱਖਾਂ ਦੀ ਰਕਮ ਲਿਖ ਦਿੱਤੀ ਗਈ। ਇਸ ਸਬੰਧ ਵਿੱਚ ਥਾਣਾ ਧਾਰੀਵਾਲ ਵਿੱਚ ਪੁਲੀਸ ਨੇ 12-12-2016 ਨੂੰ ਦੋਸ਼ੀਆਂ ਖਿਲਾਫ ਧੋਖਾਧਡ਼ੀ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਸਮੇਂ ਦੌਰਾਨ ਪੁਲੀਸ ਵਲੋਂ ਉਕਤ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ। ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਵਲੋਂ ਕਾਫੀ ਲੰਮਾ ਸਮਾਂ ਸਬੰਧਿਤ ਵੱਖ ਵੱਖ ਵਿਅਕਤੀਆਂ ਅਤੇ ਗਵਾਹਾਂ ਕੋਲੋਂ ਇਸ ਮਾਮਲੇ ਵਿੱਚ ਪੁੱਛ ਪਡ਼ਤਾਲ ਕਰਕੇ ਸੁਣਵਾਈ ਲਈ ਸਮੁੱਚੇ ਕੇਸ ਨੂੰ ਬਡ਼ੀ ਹੀ ਸੰਜੀਦਗੀ ਨਾਲ ਦੇਖਦੇ ਹੋਏ ਹੁਣ ਮਾਣਯੋਗ ਜੱਜ ਜਗਿੰਦਰ ਸਿੰਘ ਦੀ ਅਦਾਲਤ ਵਲੋਂ ਚਾਰੇ ਏਜੰਟਾਂ ਰਮੇਸ਼ ਕੁਮਾਰ, ਸੀਮਾ ਰਾਣੀ, ਬਲਵਿੰਦਰ ਕੁਮਾਰ ਉਰਫ ਬਲਵਿੰਦਰ ਰਾਏ ਮਹਾਜਨ, ਨਿਰਮਲਾ ਮਹਾਜਨ ਨੂੰ ਵੱਖ ਵੱਖ ਧਾਰਾਵਾਂ ਤਹਿਤ ਤਿੰਨ -ਤਿੰਨ ਸਾਲ ਦੀ ਕੈਦ ਅਤੇ ਨੌ-ਨੌ ਹਜਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।