Hindi English Punjabi

ਖੰਨਾ ਨੈਸ਼ਨਲ ਹਾਈਵੇ ‘ਤੇ ਬੱਸ ਸਮੇਤ 5 ਕੈਂਟਰ ਆਪਸ ’ਚ ਟਕਰਾਏ

31

ਖੰਨਾ, 6 ਦਸੰਬਰ- ਸ਼ੁੱਕਰਵਾਰ ਸਵੇਰੇ ਨੈਸ਼ਨਲ ਹਾਈਵੇ ਪੁੱਲ ਉੱਪਰ ਇਕ ਤੋਂ ਬਾਅਦ ਇਕ ਪੰਜ ਗੱਡੀਆਂ ਆਪਸ ‘ਚ ਟਕਰਾਈਆਂ ਜਿਸ ਨਾਲ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਤਿੰਨ ਵਿਅਕਤੀ ਫੱਟੜ ਹੋ ਗਏ ਤੇ ਦੋ ਦੀ ਗੰਭੀਰ ਹਾਲਤ ਦੇਖਦਿਆਂ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਹਾਦਸੇ ਕਰਕੇ ਹਾਈਵੇ ‘ਤੇ ਵੱਡਾ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਤਡ਼ਕੇ ਇਕ ਮਿਰਚਾਂ ਨਾਲ ਭਰੇ ਕੈਂਟਰ ਨੇ ਅੱਗੇ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐਚਆਰ 73ਜੀਵਾਈ-3692 ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਿਛੋਂ ਆ ਰਹੀਆਂ ਗੱਡੀਆਂ ਇਕ ਦੂਜੇ ਵਿਚ ਟਰਕਾਈਆਂ। ਇਸ ਦੌਰਾਨ ਇਕ ਕੰਟੇਨਰ ਨੰਬਰ ਆਰਜੇ14ਜੀਜੀ-8261 ਵੀ ਮਿਰਚਾਂ ਵਾਲੇ ਕੈਂਟਰ ਵਿਚ ਜਾ ਟਕਰਾਇਆ ਜਿਸ ਨੇ ਹਾਈਵੇ ਜਾਮ ਕਰ ਦਿੱਤਾ ਅਤੇ ਉਸਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਵਿਚ ਐਮਾਜ਼ੋਨ ਕੰਪਨੀ ਦਾ ਸੋਨੀਪਤ ਤੋਂ ਲੁਧਿਆਣਾ ਜਾ ਰਿਹਾ ਕੈਂਟਰ ਨੰਬਰ ਐਚਆਰ39ਐਫ਼-8669 ਬੁਰੀ ਤਰ੍ਹਾਂ ਜਾ ਟਕਰਾਇਆ ਅਤੇ ਉਸ ਪਿਛੇ ਇਕ ਹੋਰ ਹਰਿਆਣਾ ਨੰਬਰ ਐਚਆਰ69ਸੀ-9079 ਕੈਂਟਰ ਜਾ ਵੱਜਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ਼ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਅਤੇ ਜਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਨੇਡ਼ਲੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਥਾਣਾ ਸਿਟੀ-2 ਦੇ ਥਾਣੇਦਾਰ ਗੁਰਵਿੰਦਰ ਕੁਮਾਰ, ਕੇਸ਼ਵ ਕੁਮਾਰ ਅਤੇ ਰਜਨਦੀਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦਾ ਮੁੱਖ ਕਾਰਨ ਮਿਰਚਾਂ ਨਾਲ ਭਰਿਆ ਕੈਂਟਰ ਹੈ ਜਿਸ ਨੇ ਤੇਜ਼ ਰਫ਼ਤਾਰ ਵਿਚ ਹੋਣ ਕਾਰਨ ਅੱਗੇ ਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਅਤੇ ਇਕ ਵਿਅਕਤੀ ਮਨੋਜ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਚੰਡੀਗਡ਼੍ਹ ਰੈਫ਼ਰ ਕੀਤਾ ਗਿਆ। ਇਸ ਮੌਕੇ ਹਸਪਤਾਲ ਵਿਚ ਜ਼ੇਰੇ ਇਲਾਜ ਬੱਸ ਡਰਾਈਵਰ ਤੋਖ ਰਾਜ ਨੇ ਦੱਸਿਆ ਕਿ ਉਹ ਰੇਵਾਡ਼ੀ ਤੋਂ ਜਲੰਧਰ ਜਾ ਰਿਹਾ ਸੀ ਤਾਂ ਅਚਾਨਕ ਮਿਰਚਾਂ ਨਾਲ ਭਰੇ ਕੈਂਟਰ ਨੇ ਉਸ ਨੂੰ ਟੱਕਰ ਮਾਰੀ। ਉਸ ਨੇ ਦੱਸਿਆ ਕਿ ਬੱਸ ਪਿਛੋਂ ਖਾਲੀ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸੇ ਤਰ੍ਹਾਂ ਕੈਂਟਰ ਡਰਾਈਵਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਰਬਡ਼ ਨਾਲ ਭਰੇ ਕੈਂਟਰ ਸਮੇਤ ਆਪਣੇ ਸਾਥੀ ਸੰਨੀ ਨਾਲ ਸੋਨੀਪਤ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਅੱਗੇ ਹਾਈਵੇ ਤੇ ਖਡ਼੍ਹੇ ਕੰਟੇਨਰ ਵਿਚ ਐਮਾਜ਼ੋਨ ਕੰਪਨੀ ਦਾ ਕੈਂਟਰ ਬੁਰੀ ਤਰ੍ਹਾਂ ਜਾ ਟਕਰਾਇਆ ਜਿਸ ਨੂੰ ਬਚਾਉਂਦੇ ਹੋਏ ਉਸਦਾ ਕੈਂਟਰ ਵੀ ਕੰਟੇਨਰ ਵਿਚ ਜਾ ਟਕਰਾਇਆ। ਇਸ ਹਾਦਸੇ ਵਿਚ ਐਮਾਜ਼ੋਨ ਕੰਪਨੀ ਦੇ ਡਰਾਈਵਰ ਰਤਨੇਸ਼ ਕੁਮਾਰ ਦੀ ਲੱਤ ਟੁੱਟ ਗਈ ਅਤੇ ਕਲੀਨਰ ਮਨੋਜ ਕੁਮਾਰ ਬੁਰੀ ਤਰ੍ਹਾਂ ਜਖਮੀ ਹੋ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ 4 ਵਿਅਕਤੀਆਂ ਨੂੰ ਹਾਦਸੇ ਉਪਰੰਤ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿਚੋਂ ਮਨੋਜ ਕੁਮਾਰ ਤੇ ਉਸਦੇ ਸਾਥੀ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਚੰਡੀਗਡ਼੍ਹ ਰੈਫਰ ਕਰਨਾ ਪਿਆ। ਇਸ ਘਟਨਾ ਉਪਰੰਤ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਜੱਥੇਬੰਦੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ ਤੇ ਲਾਈਟਾਂ ਬੰਦ ਹੋਣ ਕਾਰਨ ਅਨੇਕਾਂ ਹਾਦਸੇ ਵੱਖ ਵੱਖ ਹਾਦਸੇ ਵਾਪਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਧੁੰਦ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜਲਦ ਤੋਂ ਜਲਦ ਹਾਈਵੇ ਦੀਆਂ ਲਾਈਟਾਂ ਠੀਕ ਕਰਵਾਈਆਂ ਜਾਣ ਅਤੇ ਹਾਈਵੇ ਤੇ ਪਏ ਟੋਇਆ ਨੂੰ ਠੀਕ ਕਰਵਾਇਆ ਜਾਵੇ।